ਭੁੱਲ ਭੁਲੇਖੇ ਜ਼ਰਾ ਕੁ ਠੇਡਾ, ਜਦ ਬੱਚੇ ਦੇ ਵੱਜੇ
ਮੂੰਹ ਦੀ ਬੁਰਕੀ ਛੱਡ ਵਿਚਾਲਿਓਂ, ਫੌਰਨ ਓਧਰ ਭੱਜੇ
ਪਹਿਲਾ ਲਫਜ਼ ਜ਼ਬਾਨੋਂ ਨਿਕਲੇ, ਹਾਏ ਹਾਏ ਮੈਂ ਮਰ ਜਾਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ, ਮਾਵਾਂ ਠੰਡੀਆਂ ਛਾਵਾਂ…
ਪੁੱਤਰ ਦੀ ਆਈ ਮੈਂ ਮਰ ਜਾਵਾਂ, ਮਾਂ ਲਈ ਗੱਲ ਮਮੂਲੀ
ਪਾਲਣ ਪੋਸ਼ਣ ਦੀ ਨਾ ਕੀਮਤ, ਅਮੜੀ ਕਿਸੇ ਵਸੂਲੀ
ਜਲ ਜੀਵਾਂ ਤੋਂ ਕਦੇ ਕਿਰਾਇਆ, ਨਾ ਮੰਗਿਆ ਦਰਿਆਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ, ਮਾਵਾਂ ਠੰਡੀਆਂ ਛਾਵਾਂ…
ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਮਿਸ਼ਰੀਓਂ ਮਿੱਠੀਆਂ ਝਿੜਕਾਂ
ਪੁੱਤ ਨਾ ਕਦੇ ਕੁਰਾਹੇ ਪੈਜੇ, ਮੁੜ ਮੁੜ ਲੈਂਦੀ ਵਿੜਕਾਂ
ਮਾਂ ਦੀ ਪੈੜ ‘ਚ ਲਿਖਿਆ ਦਿਖਦੈ, ਸੁਰਗਾਂ ਦਾ ਸਿਰਨਾਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ…
ਦੂਰੋਂ ਨੇੜਿਓਂ ਚੋਗ ਭਾਲ ਕੇ, ਜੋ ਲੈ ਆਉਣ ਪ੍ਰਿੰਦੇ
ਡਿੱਗ ਪਵੇ ਜੇ ਬੋਟ ਆਲ੍ਹਣਿਓਂ, ਫਿਰਨ ਹੋਲੀਆਂ ਦਿੰਦੇ
ਕੀ ਉਨ੍ਹਾਂ ਦੀ ਖੱਟੀ ਖਾਣੀ, ਹੁੰਦੀ ਚਿੜੀਆਂ ਕਾਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ…
ਨਾ ਬੰਦਾ ਧਰਤੀ ‘ਚੋਂ ਉਪਜਿਆ, ਨਾ ਚੰਨਣ ਦੇ ਰੁੱਖੋਂ
ਸੱਭੇ ਪੀਰ ਪੈਗੰਬਰ ਜਨਮੇ ਮਾਂ ਦੀ ਪਾਵਨ ਕੁੱਖੋਂ
ਮਰੀ ਜਿਉਂਦੀ ਮਾਂ ਨੂੰ ‘ਪਾਰਸ’ ਨਿਉਂ ਨਿਉਂ ਸੀਸ ਨਿਵਾਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ