⭐ ਪੋਹ ਦਾ ਮਹੀਨਾ ਸੀ ਤੇ ਲੋੜਿਆਂ ਦੀ ਠੰਢ ਸੀ
ਬੁਰਜ ‘ਚ ਬੈਠੇ ਪੋਤੇ ਦਾਦੀ ਜੀ ਦੇ ਸੰਗ ਸੀ
ਉਮਰਾਂ ਨਿਆਣੀਆਂ ਤੇ ਹੌਸਲੇ ਬੁਲੰਦ ਸੀ
ਦੇਖਕੇ ਹੈਰਾਨ ਹੋਈ ਪਈ ਸਰਹੰਦ ਸੀ…
⭐ ਦਾਦੀ ਦੀ ਬੁੱਕਲ ਵਿੱਚ ਸਿਰ ਧਰੀ ਬੈਠੇ ਸੀ
ਮੌਤ ਨੂੰ ਵਿਆਉਣ ਦੀ ਤਿਆਰੀ ਕਰੀ ਬੈਠੇ ਸੀ
ਕਾਲੀ ਬੋਲੀ ਰਾਤ ਚੰਨ ਤਾਰੇ ਵੀ ਅਲੋਪ ਸੀ
ਦਾਦੀ ਪੋਤੇ ਜਾਗਦੇ ਤੇ ਸੁੱਤੇ ਸਾਰੇ ਲੋਕ ਸੀ
ਰੋ ਰੋ ਕੇ ਪੌਣਾਂ ਕਰ ਰਹੀਆਂ ਵਿਰਲਾਪ ਸੀ
ਨੇਰਿਆਂ ਨੂੰ ਚੀਰੀ ਜਿਓਂ ਜਿਓਂ ਜਾਂਦੀ ਪ੍ਰਭਾਤ ਸੀ…
⭐ ਹੋਗਿਆ ਸਵੇਰਾ ਦਾਦੀ ਲਾਡ ਲੜਾਉਣ ਲੱਗੀ
ਜਾਂਦੀ ਵਾਰੀ ਪੋਤਿਆਂ ਦੇ ਸ਼ਗਨ ਮਨਾਉਣ ਲੱਗੀ
ਸਿਰ ਦਸਤਾਰਾਂ ਸ਼੍ਰੀ ਸਾਹਿਬ ਵੀ ਸਜਾਉਣ ਲੱਗੀ
ਚੁੰਮ ਚੁੰਮ ਮੱਥਿਆਂ ਨੂੰ ਸੀਨੇ ਨਾਲ ਲਾਉਣ ਲੱਗੀ…
⭐ ਆ ਗਏ ਸਿਪਾਹੀ ਕਹਿੰਦੀ ਸੂਬੇ ਨੇ ਬੁਲਾਇਆ ਏ
ਬੱਚਿਆਂ ਦੇ ਚਿਹਰਿਆਂ ਤੇ ਹੋਰ ਨੂਰ ਆਇਆ ਏ
ਦਾਦੀ ਤੋਂ ਪਿਆਰ ਲੈ ਕੇ ਵਿਦਾ ਹੋਏ ਲਾਲ ਸੀ
ਸਿੱਖਿਆ ਜੋ ਦਿੱਤੀ ਸਾਰੀ ਲੈ ਕੇ ਤੁਰੇ ਨਾਲ ਸੀ…
⭐ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਜਾਂਦੇ ਸੀ
ਦੋਵੇਂ ਵੀਰ ਸੂਬੇ ਦਾ ਹੰਕਾਰ ਢਾਉਂਦੇ ਜਾਂਦੇ ਸੀ
ਭੁੱਲਕੇ ਖੁਦਾ ਨੂੰ ਸੂਬੇ ਕਹਿਰ ਦਿੱਤਾ ਢਾਅ ਸੀ
ਜਿਉਂਦਿਆਂ ਨੂੰ ਨੀਹਾਂ ਵਿੱਚ ਦਿੱਤਾ ਚਿਣਵਾ ਸੀ
ਨਾਲ ਨਾਲ ਰਹਿਣਾ ਦੋਹਾਂ ਵੀਰਿਆਂ ਦੀ ਰੀਝ ਸੀ
ਜੋਰਵਾਰ ਫਤਿਹ ਸਿੰਘ ਹੋ ਗਏ ਸ਼ਹੀਦ ਸੀ…
⭐ ਅੱਜ ਵੀ ਨੇ ਨੀਹਾਂ ਚੋਂ ਅਵਾਜ਼ਾਂ ਏਹੋ ਆਉਦੀਆਂ
ਕੌਮਾਂ ਸਦਾ ਨਾਲ ਕੁਰਬਾਨੀਆਂ ਦੇ ਜਿਉਂਦੀਆਂ…
ਕੌਮਾਂ ਸਦਾ ਨਾਲ ਕੁਰਬਾਨੀਆਂ ਦੇ ਜਿਉਂਦੀਆਂ…
ਕੌਮਾਂ ਬੰਟੀ ਸਦਾ ਕੁਰਬਾਨੀਆਂ ਨਾ ਜਿਉਂਦੀਆਂ…